Skip to content
The Believer's Library

Indian Revised Version (IRV) Punjabi - 2019

Psalms 9 IRVPun

Side by side with the Father's Heart Bible™

ਪ੍ਰਧਾਨ ਵਜਾਉਣ ਵਾਲੇ ਦੇ ਲਈ ਮੁਲਤਬੈਨ ਦੇ ਰਾਗ ਉੱਤੇ ਦਾਊਦ ਦਾ ਭਜਨ।

ਪਰਮੇਸ਼ੁਰ ਦੇ ਨਿਆਂ ਲਈ ਧੰਨਵਾਦ ਦਾ ਭਜਨ

1ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ,ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਦਾ ਵਰਣਨ ਕਰਾਂਗਾ।

2ਮੈਂ ਤੈਥੋਂ ਖੁਸ਼ ਅਤੇ ਬਾਗ-ਬਾਗ ਹੋਵਾਂਗਾ,ਹੇ ਅੱਤ ਮਹਾਨ, ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ।

3ਜਦ ਮੇਰੇ ਵੈਰੀ ਪਿਛਾਂਹ ਮੁੜਦੇ ਹਨ,ਉਹ ਤੇਰੇ ਸਾਹਮਣਿਓਂ ਠੇਡਾ ਖਾ ਕੇ ਨਾਸ ਹੋ ਜਾਂਦੇ ਹਨ,

4ਕਿਉਂ ਜੋ ਤੂੰ ਮੇਰਾ ਨਿਆਂ ਅਤੇ ਮੇਰਾ ਫ਼ੈਸਲਾ ਕੀਤਾ ਹੈ,ਤੂੰ ਸਿੰਘਾਸਣ ਉੱਤੇ ਬੈਠ ਕੇ ਸੱਚਾ ਨਿਆਂ ਕੀਤਾ ਹੈ।

5ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਦਾ ਨਾਸ ਕੀਤਾ ਹੈ,ਤੂੰ ਸਦੀਪਕ ਕਾਲ ਲਈ ਉਨ੍ਹਾਂ ਦਾ ਨਾਮ ਮਿਟਾ ਦਿੱਤਾ।

6ਵੈਰੀ ਉਜੜੇ ਥਾਵਾਂ ਵਿੱਚ ਸਦਾ ਲਈ ਮੁੱਕ ਗਏ,ਅਤੇ ਜਿਹੜੇ ਨਗਰ ਤੂੰ ਢਾਹ ਦਿੱਤੇ, ਉਨ੍ਹਾਂ ਦਾ ਚੇਤਾ ਵੀ ਮਿਟ ਗਿਆ ਹੈ।

7ਪਰੰਤੂ ਯਹੋਵਾਹ ਸਦਾ ਹੀ ਬਿਰਾਜਮਾਨ ਹੈ,ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਦੇ ਲਈ ਕਾਇਮ ਕਰ ਰੱਖਿਆ ਹੈ

8ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ,ਉਹ ਸਚਿਆਈ ਨਾਲ ਉੱਮਤਾਂ ਦਾ ਫੈਸਲਾ ਕਰੇਗਾ।

9ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ,ਹਾਂ, ਬਿਪਤਾ ਦੇ ਸਮੇਂ ਲਈ ਇੱਕ ਉੱਚਾ ਗੜ੍ਹ ਹੋਵੇਗਾ।

10ਤੇਰੇ ਨਾਮ ਦੇ ਜਾਨਣ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,ਕਿਉਂ ਜੋ ਹੇ ਯਹੋਵਾਹ, ਤੂੰ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।

11ਯਹੋਵਾਹ ਦੀ ਉਸਤਤ ਗਾਓ ਜਿਹੜਾ ਸੀਯੋਨ ਵਿੱਚ ਵੱਸਦਾ ਹੈ,ਲੋਕਾਂ ਵਿੱਚ ਉਹ ਦੇ ਕੰਮਾਂ ਦਾ ਪਰਚਾਰ ਕਰੋ।

12ਜਦ ਉਹ ਖੂਨ ਦੀ ਪੁੱਛ-ਗਿੱਛ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ,ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ।

13ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਠਾ ਲੈਂਦਾ ਹੈ,ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਜ਼ਰ ਕਰ,

14ਤਾਂ ਜੋ ਮੈਂ ਸੀਯੋਨ ਦੇ ਲੋਕਾਂ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪਰਚਾਰ ਕਰਾਂ,ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ।

15ਜਿਹੜਾ ਟੋਆ ਪਰਾਈਆਂ ਕੌਮਾਂ ਨੇ ਪੁੱਟਿਆ ਸੀ ਉਸ ਵਿੱਚ ਓਹ ਆਪ ਡਿੱਗ ਪਈਆਂ ਹਨ,ਜਿਹੜੀ ਫਾਹੀ ਉਹਨਾਂ ਨੇ ਛਿਪਾਈ ਸੀ ਉਸੇ ਵਿੱਚ ਉਨ੍ਹਾਂ ਦਾ ਆਪਣਾ ਪੈਰ ਫਸ ਗਿਆ ਹੈ।

16ਯਹੋਵਾਹ ਉਜਾਗਰ ਹੋਇਆ ਹੈ, ਉਸੇ ਨੇ ਨਿਆਂ ਕੀਤਾ ਹੈ,ਦੁਸ਼ਟ ਨੂੰ ਉਸੇ ਦੇ ਹੱਥ ਦੇ ਕੰਮ ਵਿੱਚ ਉਸ ਨੇ ਫਸਾ ਦਿੱਤਾ ਹੈ। ਹਿੱਗਯੋਨ ਸਲਹ।

17ਦੁਸ਼ਟ ਪਤਾਲ ਵਿੱਚ ਮੁੜ੍ਹ ਜਾਣਗੇ,ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ।

18ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ,ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ।

19ਉੱਠ, ਹੇ ਯਹੋਵਾਹ, ਇਨਸਾਨ ਨੂੰ ਪਰਬਲ ਨਾ ਹੋਣ ਦੇ!ਤੇਰੇ ਸਨਮੁਖ ਪਰਾਈਆਂ ਕੌਮਾਂ ਦਾ ਨਿਆਂ ਕੀਤਾ ਜਾਵੇ।

20ਹੇ ਯਹੋਵਾਹ, ਉਹਨਾਂ ਨੂੰ ਭੈਜਲ ਪਾ,ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ। ਸਲਹ।

PNB-IRV Creative Commons License Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Indian Revised Version (IRV) Punjabi - 2019 · Creative Commons - Attribution-ShareAlike [CC BY-SA]