Skip to content
The Believer's Library

Indian Revised Version (IRV) Punjabi - 2019

Psalms 7 IRVPun

Side by side with the Father's Heart Bible™

ਦਾਊਦ ਦਾ ਸ਼ੀਗਾਯੋਨ ਨਾਮਕ ਭਜਨ ਜੋ ਉਸ ਨੇ ਬਿਨਯਾਮੀਨ ਕੂਸ਼ ਦੀਆਂ ਗੱਲਾਂ ਦੇ ਕਾਰਨ ਯਹੋਵਾਹ ਦੇ ਸਾਹਮਣੇ ਗਾਇਆ ਸੀ।

ਨਿਆਂ ਲਈ ਪ੍ਰਾਰਥਨਾ

1ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੀ ਪਨਾਹ ਲੈਂਦਾ ਹਾਂ!ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ,

2ਕਿਤੇ ਅਜਿਹਾ ਨਾ ਹੋਵੇ ਕਿ ਕੋਈ ਬੱਬਰ ਸ਼ੇਰ ਵਾਂਗੂੰ ਮੇਰੀ ਜਿੰਦ ਨੂੰ ਪਾੜ ਖਾਵੇ,ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ-ਟੋਟੇ ਕਰ ਛੱਡੇ।

3ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੇਰੇ ਕੋਲੋਂ ਇਹ ਹੋਇਆ ਹੋਵੇ,ਜੇ ਮੇਰੇ ਹੱਥੋਂ ਬਦੀ ਹੋਈ ਹੋਵੇ,

4ਜੇ ਮੈਂ ਆਪਣੇ ਸਾਥੀ ਨਾਲ ਬੁਰਿਆਈ ਕੀਤੀ ਹੋਵੇ,ਸਗੋਂ ਮੈਂ ਤਾਂ ਆਪਣੇ ਬੇ ਸਬੱਬੋਂ ਵਿਰੋਧੀ ਨੂੰ ਛੁਡਾਇਆ ਹੈ

5ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੇ,ਅਤੇ ਮੇਰੀ ਜਿੰਦ ਨੂੰ ਧਰਤੀ ਉੱਤੇ ਮਿੱਧ ਦੇਵੇ,ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਵੇ। ਸਲਹ।

6ਹੇ ਯਹੋਵਾਹ, ਆਪਣੇ ਕ੍ਰੋਧ ਨਾਲ ਉੱਠ,ਮੇਰੇ ਵਿਰੋਧੀਆਂ ਦੇ ਗ਼ਜ਼ਬ ਦੇ ਵਿਰੁੱਧ ਉੱਠ,ਅਤੇ ਮੇਰੇ ਲਈ ਜਾਗ। ਤੂੰ ਨਿਆਂ ਦਾ ਹੁਕਮ ਕੀਤਾ ਹੈ।

7ਉੱਮਤਾਂ ਦੀ ਮੰਡਲੀ ਮੇਰੇ ਦੁਆਲੇ ਆਵੇ,ਅਤੇ ਉਨ੍ਹਾਂ ਦੇ ਕਾਰਨ ਤੂੰ ਉਤਾਹਾਂ ਨੂੰ ਮੁੜ ਜਾ।

8ਯਹੋਵਾਹ ਕੌਮਾਂ ਦਾ ਨਿਆਂ ਕਰੇਗਾ,ਹੇ ਯਹੋਵਾਹ, ਮੇਰੇ ਧਰਮ ਅਤੇ ਮੇਰੀ ਸਿਧਿਆਈ ਦੇ ਅਨੁਸਾਰ ਮੇਰਾ ਨਿਆਂ ਕਰ।

9ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ੍ਹ ਕਰ,ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਤੇ ਗੁਰਦਿਆਂ ਨੂੰ ਜਾਚਦਾ ਹੈਂ।

10ਮੇਰੀ ਢਾਲ਼ ਪਰਮੇਸ਼ੁਰ ਦੇ ਕੋਲ ਹੈ,ਜਿਹੜਾ ਸਿੱਧੇ ਮਨ ਵਾਲਿਆਂ ਦਾ ਬਚਾਉਣ ਵਾਲਾ ਹੈ।

11ਪਰਮੇਸ਼ੁਰ ਸੱਚਾ ਨਿਆਈਂ ਹੈ,ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਕ੍ਰੋਧਵਾਨ ਰਹਿੰਦਾ ਹੈ।

12ਜੇ ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ,ਉਸ ਨੇ ਆਪਣਾ ਧਣੁੱਖ ਝੁਕਾ ਕੇ ਤਿਆਰ ਕਰ ਰੱਖਿਆ ਹੈ।

13ਉਹ ਨੇ ਉਸ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ,ਉਹ ਆਪਣੇ ਤੀਰਾਂ ਨੂੰ ਅਗਨ-ਬਾਣ ਬਣਾਉਂਦਾ ਹੈ।

14ਵੇਖੋ, ਦੁਸ਼ਟ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ,ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।

15ਉਸ ਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ,ਅਤੇ ਜਿਹੜੀ ਖੱਡ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ।

16ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ,ਅਤੇ ਉਸ ਦਾ ਅਨ੍ਹੇਰ ਉਸੇ ਦੇ ਸਿਰ ਉੱਤੇ ਪਵੇਗਾ।

17ਮੈਂ ਯਹੋਵਾਹ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ,ਅਤੇ ਮੈਂ ਅੱਤ ਮਹਾਨ ਯਹੋਵਾਹ ਦੇ ਨਾਮ ਦੀ ਉਸਤਤ ਗਾਵਾਂਗਾ।

PNB-IRV Creative Commons License Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Indian Revised Version (IRV) Punjabi - 2019 · Creative Commons - Attribution-ShareAlike [CC BY-SA]