Skip to content
The Believer's Library

Indian Revised Version (IRV) Punjabi - 2019

Joshua 17 IRVPun

Side by side with the Father's Heart Bible™

ਪੱਛਮ ਵਿੱਚ ਮਨੱਸ਼ਹ ਦਾ ਹਿੱਸਾ

1ਮਨੱਸ਼ਹ ਦੇ ਗੋਤ ਦਾ ਭਾਗ ਇਹ ਸੀ, ਇਸ ਲਈ ਜੋ ਉਹ ਯੂਸੁਫ਼ ਦਾ ਪਹਿਲੌਠਾ ਸੀ, ਮਾਕੀਰ ਨੂੰ ਜਿਹੜਾ ਮਨੱਸ਼ਹ ਦਾ ਪਹਿਲੌਠਾ ਅਤੇ ਗਿਲਆਦ ਦਾ ਪਿਤਾ ਸੀ ਯੋਧਾ ਹੋਣ ਕਰਕੇ ਗਿਲਆਦ ਅਤੇ ਬਾਸ਼ਾਨ ਮਿਲੇ। 2ਮਨੱਸ਼ਹ ਦੀ ਬਾਕੀ ਅੰਸ ਦਾ ਵੀ ਇੱਕ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਅਬੀਅਜ਼ਰ ਦੀ ਅੰਸ, ਹੇਲਕ ਦੀ ਅੰਸ, ਅਸਰੀਏਲ ਦੀ ਅੰਸ, ਸ਼ਕਮ ਦੀ ਅੰਸ, ਹੇਫ਼ਰ ਦੀ ਅੰਸ ਅਤੇ ਸ਼ਮੀਦਾ ਦੀ ਅੰਸ ਲਈ। ਇਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪੁਰਖ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ। 3ਪਰ ਸਲਾਫ਼ਹਾਦ ਦੇ ਜਿਸ ਦਾ ਪਿਤਾ ਹੇਫ਼ਰ, ਦਾਦਾ ਗਿਲਆਦ, ਪੜਦਾਦਾ ਮਾਕੀਰ ਅਤੇ ਨਕੜ ਦਾਦਾ ਮਨੱਸ਼ਹ ਸੀ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਸ ਦੀਆਂ ਧੀਆਂ ਦੇ ਨਾਂ ਇਹ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 4ਉਹਨਾਂ ਨੇ ਅਲਆਜ਼ਾਰ ਜਾਜਕ ਦੇ ਸਾਹਮਣੇ, ਨੂਨ ਦੇ ਪੁੱਤਰ ਯਹੋਸ਼ੁਆ ਦੇ ਸਾਹਮਣੇ ਅਤੇ ਪ੍ਰਧਾਨਾਂ ਦੇ ਸਾਹਮਣੇ ਆਣ ਕੇ ਆਖਿਆ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਸਾਨੂੰ ਸਾਡੇ ਭਰਾਵਾਂ ਦੇ ਵਿੱਚ ਹਿੱਸਾ ਮਿਲੇ ਸੋ ਉਸ ਉਹਨਾਂ ਨੂੰ ਯਹੋਵਾਹ ਦੇ ਹੁਕਮ ਅਨੁਸਾਰ ਉਹਨਾਂ ਚਾਚਿਆਂ ਤਾਇਆਂ ਦੇ ਵਿੱਚ ਹਿੱਸਾ ਦਿੱਤਾ। 5ਅਤੇ ਮਨੱਸ਼ਹ ਨੂੰ ਦਸ ਹਿੱਸੇ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਜਿਹੜੇ ਯਰਦਨ ਤੋਂ ਪਾਰ ਸਨ ਮਿਲੇ। 6ਕਿਉਂ ਜੋ ਮਨੱਸ਼ਹ ਦੀਆਂ ਧੀਆਂ ਨੇ ਉਹ ਦੇ ਪੁੱਤਰਾਂ ਦੇ ਵਿੱਚ ਹਿੱਸਾ ਲਿਆ ਅਤੇ ਗਿਲਆਦ ਦਾ ਦੇਸ ਮਨੱਸ਼ਹ ਦੇ ਬਾਕੀ ਪੁੱਤਰਾਂ ਦਾ ਸੀ।

7ਮਨੱਸ਼ਹ ਦੀ ਹੱਦ ਆਸ਼ੇਰ ਤੋਂ ਮਿਕਮਥਾਥ ਤੱਕ ਸੀ ਜਿਹੜਾ ਸ਼ਕਮ ਦੇ ਸਾਹਮਣੇ ਸੀ ਤਾਂ ਉਹ ਹੱਦ ਸੱਜੇ ਪਾਸਿਓਂ ਏਨ-ਤੱਪੂਆਹ ਦੇ ਵਸਨੀਕਾਂ ਤੱਕ ਲੰਘੀ। 8ਤੱਪੂਆਹ ਦਾ ਦੇਸ ਮਨੱਸ਼ਹ ਦਾ ਸੀ ਪਰ ਤੱਪੂਆਹ ਮਨੱਸ਼ਹ ਦੀ ਹੱਦ ਕੋਲ ਇਫ਼ਰਾਈਮੀਆਂ ਦਾ ਸੀ। 9ਫਿਰ ਉਹ ਹੱਦ ਕਾਨਾਹ ਦੀ ਵਾਦੀ ਨੂੰ ਉਤਰੀ ਅਤੇ ਵਾਦੀ ਦੇ ਦੱਖਣ ਵੱਲ ਉਤਰੀ। ਇਫ਼ਰਾਈਮ ਦੇ ਇਹ ਸ਼ਹਿਰ ਮਨੱਸ਼ਹ ਦੇ ਸ਼ਹਿਰਾਂ ਵਿੱਚ ਸਨ ਅਤੇ ਮਨੱਸ਼ਹ ਦੀ ਹੱਦ ਵਾਦੀ ਦੇ ਉਤਰ ਵੱਲ ਸੀ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ। 10ਤਾਂ ਦੱਖਣ ਇਫ਼ਰਾਈਮ ਲਈ ਸੀ ਅਤੇ ਉਤਰ ਮਨੱਸ਼ਹ ਲਈ ਸੀ ਅਤੇ ਉਸ ਦੀ ਹੱਦ ਸਮੁੰਦਰ ਸੀ ਅਤੇ ਉਹ ਉਤਰ ਵੱਲ ਆਸ਼ੇਰ ਨਾਲ ਅਤੇ ਪੂਰਬ ਵੱਲ ਯਿੱਸਾਕਾਰ ਨਾਲ ਜਾ ਮਿਲੀਆਂ। 11ਮਨੱਸ਼ਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਤ ਸ਼ਾਨ ਉਸ ਦੀਆਂ ਬਸਤੀਆਂ ਯਿਬਲਾਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਏਨ-ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਆਨਾਕ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਮਗਿੱਦੋ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ। 12ਪਰ ਮਨੱਸ਼ੀ ਉਹਨਾਂ ਸ਼ਹਿਰਾਂ ਦੇ ਵਾਸੀਆਂ ਨੂੰ ਕੱਢ ਨਾ ਸਕੇ ਅਤੇ ਕਨਾਨੀ ਉਸ ਦੇਸ ਵਿੱਚ ਪੱਕੇ ਪੈਰੀਂ ਵੱਸੇ ਰਹੇ। 13ਇਸ ਤਰ੍ਹਾਂ ਹੋਇਆ ਜਦ ਇਸਰਾਏਲੀ ਤਕੜੇ ਹੋ ਗਏ ਤਾਂ ਉਹ ਕਨਾਨੀਆਂ ਤੋਂ ਵਗਾਰ ਲੈਣ ਲੱਗ ਪਏ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਾ ਕੱਢਿਆ।

ਇਫ਼ਰਾਈਮ ਅਤੇ ਮਨੱਸ਼ਹ ਵੱਧ ਭੂਮੀ ਦੀ ਮੰਗ

14ਤਦ ਯੂਸੁਫ਼ ਦੇ ਪੁੱਤਰਾਂ ਨੇ ਯਹੋਸ਼ੁਆ ਨਾਲ ਗੱਲ ਕੀਤੀ ਕਿ ਤੁਸੀਂ ਸਾਨੂੰ ਕਿਉਂ ਮਿਲਖ਼ ਵਿੱਚ ਇੱਕ ਹੀ ਹਿੱਸਾ ਦਿੱਤਾ? ਅਸੀਂ ਬਹੁਤ ਸਾਰੇ ਲੋਕ ਹਾਂ ਕਿਉਂ ਜੋ ਯਹੋਵਾਹ ਨੇ ਅੱਜ ਤੱਕ ਸਾਨੂੰ ਬਰਕਤ ਦਿੱਤੀ ਹੈ। 15ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਜੇ ਤੁਹਾਡੇ ਲੋਕ ਬਹੁਤ ਸਾਰੇ ਹਨ ਤਾਂ ਤੁਸੀਂ ਲੱਕੜੀਆਂ ਦੇ ਜੰਗਲ ਨੂੰ ਕੱਟੋ ਅਤੇ ਉੱਥੇ ਤੁਸੀਂ ਫ਼ਰਿੱਜ਼ੀਆਂ ਅਤੇ ਰਫ਼ਾਈਆਂ ਦੀ ਧਰਤੀ ਵਿੱਚ ਜੰਗਲ ਨੂੰ ਵੱਢ ਕੇ ਥਾਂ ਬਣਾਓ ਕਿਉਂ ਜੋ ਤੁਹਾਡੇ ਲਈ ਇਫ਼ਰਾਈਮ ਦਾ ਪਰਬਤ ਤੰਗ ਹੈ। 16ਯੂਸੁਫ਼ ਦੇ ਪੁੱਤਰਾਂ ਨੇ ਆਖਿਆ ਕਿ ਇਹ ਪਰਬਤ ਸਾਡੇ ਵੱਸਣ ਯੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਨੀਵੇਂ ਥਾਵਾਂ ਵਿੱਚ ਵੱਸਦੇ ਹਨ ਲੋਹੇ ਦੇ ਰੱਥ ਹਨ, ਨਾਲੇ ਉਹਨਾਂ ਕੋਲ ਜਿਹੜੇ ਬੈਤ ਸ਼ਾਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ ਨਾਲੇ ਉਹਨਾਂ ਕੋਲ ਜਿਹੜੇ ਯਿਜ਼ਰਏਲ ਦੀ ਨੀਵੇਂ ਥਾਵਾਂ ਵਿੱਚ ਹਨ। 17ਯਹੋਸ਼ੁਆ ਨੇ ਯੂਸੁਫ਼ ਦੇ ਘਰਾਣੇ ਨੂੰ ਅਰਥਾਤ ਇਫ਼ਰਾਈਮ ਅਤੇ ਮਨੱਸ਼ਹ ਨੂੰ ਆਖਿਆ ਕਿ ਤੁਸੀਂ ਢੇਰ ਸਾਰੇ ਲੋਕ ਹੋ ਅਤੇ ਵੱਡੇ ਬਲਵੰਤ ਹੋ। ਤੁਹਾਡੇ ਲਈ ਇੱਕੋ ਹੀ ਭਾਗ ਨਹੀਂ ਹੋਵੇਗਾ। 18ਪਰ ਪਰਬਤ ਤੁਹਾਡਾ ਹੋਵੇਗਾ ਭਾਵੇਂ ਉਹ ਲੱਕੜੀ ਦਾ ਜੰਗਲ ਹੈ ਅਤੇ ਤੁਸੀਂ ਉਹ ਨੂੰ ਵੱਢੋਗੇ ਅਤੇ ਉਹ ਦਾ ਫੈਲਾਓ ਤੁਹਾਡਾ ਹੋਵੇਗਾ ਕਿਉਂ ਜੋ ਤੁਸੀਂ ਕਨਾਨੀਆਂ ਨੂੰ ਕੱਢ ਦਿਓਗੇ ਭਾਵੇਂ ਉਹਨਾਂ ਦੇ ਰੱਥ ਲੋਹੇ ਦੇ ਹਨ ਅਤੇ ਉਹ ਤਕੜੇ ਵੀ ਹਨ।

PNB-IRV Creative Commons License Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Indian Revised Version (IRV) Punjabi - 2019 · Creative Commons - Attribution-ShareAlike [CC BY-SA]