Skip to content
The Believer's Library

Indian Revised Version (IRV) Punjabi - 2019

Isaiah 33 IRVPun

Side by side with the Father's Heart Bible™

ਸਹਾਇਤਾ ਦੇ ਲਈ ਪ੍ਰਾਰਥਨਾ

1ਹਾਏ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ! ਹਾਏ ਠੱਗਾ ਤੇਰੇ ਉੱਤੇ ਜਿਸ ਨੂੰ ਉਹਨਾਂ ਨੇ ਨਹੀਂ ਠੱਗਿਆ! ਜਦ ਤੂੰ ਲੁੱਟ ਚੁੱਕੇਂ ਤਾਂ ਤੂੰ ਲੁੱਟਿਆ ਜਾਏਂਗਾ, ਜਦ ਤੂੰ ਠੱਗ ਹਟੇਂ ਤਾਂ ਉਹ ਤੈਨੂੰ ਠੱਗਣਗੇ!

2ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ! ਅਸੀਂ ਤੈਨੂੰ ਉਡੀਕਦੇ ਹਾਂ, ਹਰ ਸਵੇਰ ਨੂੰ ਸਾਡਾ ਬਲ ਹੋ, ਨਾਲੇ ਦੁੱਖ ਦੇ ਵੇਲੇ ਸਾਡਾ ਬਚਾਓ। 3ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ। 4ਜਿਵੇਂ ਟਿੱਡੀਆਂ ਚੱਟ ਕਰਦੀਆਂ ਹਨ, ਉਸੇ ਤਰ੍ਹਾਂ ਤੁਹਾਡੀ ਲੁੱਟ ਚੱਟ ਕੀਤੀ ਜਾਵੇਗੀ, ਜਿਵੇਂ ਟਿੱਡੇ ਝਪੱਟਾ ਮਾਰਦੇ ਹਨ, ਉਹ ਉਸ ਉੱਤੇ ਝੱਪਟਣਗੇ।

5ਯਹੋਵਾਹ ਮਹਾਨ ਹੈ, ਉਹ ਉਚਿਆਈ ਉੱਤੇ ਵੱਸਦਾ ਹੈ, ਉਹ ਸੀਯੋਨ ਨੂੰ ਇਨਸਾਫ਼ ਅਤੇ ਧਰਮ ਨਾਲ ਭਰ ਦੇਵੇਗਾ। 6ਤੇਰੇ ਸਮੇਂ ਦੀ ਬੁਨਿਆਦ ਮੁਕਤੀ, ਬੁੱਧੀ ਅਤੇ ਗਿਆਨ ਦੀ ਬਹੁਤਾਇਤ ਹੋਵੇਗੀ, ਅਤੇ ਯਹੋਵਾਹ ਦਾ ਭੈਅ ਸਿਯੋਨ ਦਾ ਖ਼ਜ਼ਾਨਾ ਹੋਵੇਗਾ।

7ਵੇਖੋ, ਉਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ, ਸ਼ਾਂਤੀ ਦੇ ਦੂਤ ਵਿਲਕਦੇ ਹਨ। 8ਸ਼ਾਹੀ ਮਾਰਗ ਵਿਰਾਨ ਪਏ ਹੋਏ ਹਨ, ਕੋਈ ਲੰਘਣ ਵਾਲਾ ਨਾ ਰਿਹਾ। ਨੇਮ ਤੋੜੇ ਜਾਂਦੇ ਹਨ, ਸ਼ਹਿਰ ਤੁੱਛ ਕੀਤੇ ਜਾਂਦੇ ਹਨ, ਮਨੁੱਖ ਕਿਸੇ ਗਿਣਤੀ ਵਿੱਚ ਨਹੀਂ। 9ਦੇਸ ਸੋਗ ਕਰਦਾ ਅਤੇ ਮਾੜਾ ਹੋ ਜਾਂਦਾ ਹੈ, ਲਬਾਨੋਨ ਘਬਰਾ ਕੇ ਕੁਮਲਾ ਜਾਂਦਾ ਹੈ, ਸ਼ਾਰੋਨ ਰੜੇ ਮੈਦਾਨ ਵਾਂਗੂੰ ਹੋ ਗਿਆ, ਬਾਸ਼ਾਨ ਅਤੇ ਕਰਮਲ ਪੱਤੇ ਝਾੜ ਸੁੱਟਦੇ ਹਨ।

ਪਰਮੇਸ਼ੁਰ ਦੇ ਵੈਰੀਆਂ ਨੂੰ ਚੇਤਾਵਨੀ

10ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਹੁਣ ਮੈਂ ਆਪ ਨੂੰ ਉੱਚਾ ਕਰਾਂਗਾ, ਹੁਣ ਮੈਂ ਸਲਾਹਿਆ ਜਾਂਵਾਂਗਾ। 11ਤੁਹਾਡੇ ਗਰਭ ਵਿੱਚ ਕੱਖ ਪਵੇਗਾ ਅਤੇ ਤੁਸੀਂ ਘਾਹ ਜਣੋਗੇ, ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ ਕਰੇਗੀ। 12ਲੋਕ ਸਾੜੇ ਹੋਏ ਚੂਨੇ ਵਾਂਗੂੰ ਹੋ ਜਾਣਗੇ, ਅਤੇ ਵੱਢੇ ਹੋਏ ਕੰਡਿਆਂ ਵਾਂਗੂੰ ਉਹ ਅੱਗ ਵਿੱਚ ਜਲਾਏ ਜਾਣਗੇ।

13ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ, ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ! 14ਸੀਯੋਨ ਵਿੱਚ ਪਾਪੀ ਡਰ ਗਏ, ਕਾਂਬੇ ਨੇ ਕਾਫ਼ਰਾਂ ਨੂੰ ਫੜ ਲਿਆ, ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ ਟਿੱਕ ਸਕਦਾ ਹੈ? ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ? 15ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਰਿਸ਼ਵਤ ਲੈਣ ਤੋਂ ਆਪਣਾ ਹੱਥ ਖਿੱਚਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ। 16ਉਹ ਹੀ ਉੱਚਿਆਈਆਂ ਉੱਤੇ ਵੱਸੇਗਾ, ਉਹ ਦੀ ਪਨਾਹਗਾਰ ਚੱਟਾਨਾਂ ਦੇ ਗੜ੍ਹ ਹੋਣਗੇ, ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਨੂੰ ਪਾਣੀ ਦੀ ਘਾਟ ਨਾ ਹੋਵੇਗੀ।

ਸ਼ਾਨਦਾਰ ਭਵਿੱਖ

17ਤੇਰੀਆਂ ਅੱਖਾਂ ਰਾਜੇ ਨੂੰ ਉਹ ਦੇ ਸੁਹੱਪਣ ਵਿੱਚ ਵੇਖਣਗੀਆਂ, ਉਹ ਲੰਮੇ-ਚੌੜੇ ਦੇਸ ਨੂੰ ਵੇਖਣਗੀਆਂ। 18ਤੇਰਾ ਮਨ ਉਸ ਬੀਤੇ ਹੋਏ ਭੈਅ ਬਾਰੇ ਸੋਚੇਗਾ, ਲੇਖਾ ਲੈਣ ਵਾਲਾ ਕਿੱਥੇ ਹੈ? ਲਗਾਨ ਵਸੂਲਣ ਵਾਲਾ ਕਿੱਥੇ ਹੈ? ਬੁਰਜ਼ਾਂ ਦਾ ਗਿਣਨ ਵਾਲਾ ਕਿੱਥੇ ਹੈ? 19ਤੂੰ ਫੇਰ ਉਹਨਾਂ ਘਮੰਡੀ ਲੋਕਾਂ ਨੂੰ ਨਾ ਵੇਖੇਂਗਾ, ਅਰਥਾਤ ਇੱਕ ਗੁੱਝੀ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸਮਝ ਨਹੀਂ ਸਕਦਾ, ਅਤੇ ਓਪਰੀ ਬੋਲੀ ਵਾਲੇ ਜਿਨ੍ਹਾਂ ਨੂੰ ਤੂੰ ਬੁੱਝ ਨਹੀਂ ਸਕਦਾ। 20ਸੀਯੋਨ ਨੂੰ ਵੇਖ, ਸਾਡੇ ਨਿਯੁਕਤ ਕੀਤੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਸ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ। 21ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ-ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ। 22ਯਹੋਵਾਹ ਤਾਂ ਸਾਡਾ ਨਿਆਈਂ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਰਾਜਾ ਹੈ, ਉਹ ਸਾਨੂੰ ਬਚਾਵੇਗਾ। 23ਤੇਰੇ ਰੱਸੇ ਢਿੱਲੇ ਹਨ, ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ, ਅਤੇ ਲੰਗੜੇ ਵੀ ਲੁੱਟ ਲੁੱਟਣਗੇ। 24ਸਿਯੋਨ ਦਾ ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਉਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।

PNB-IRV Creative Commons License Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Indian Revised Version (IRV) Punjabi - 2019 · Creative Commons - Attribution-ShareAlike [CC BY-SA]